Thursday, May 27, 2010

ਇੱਕ ਹੋਰ ਲਹੂ-ਲੁਹਾਨ ਕਵਿਤਾ

ਇੱਕ ਹੋਰ ਲਹੂ-ਲੁਹਾਨ ਕਵਿਤਾ


ਤੂੰ ਜਾਂ ਮੈਂ
ਦੇਖਾਂਗੇ ਜਦ ਕਦੇ
ਅਖ਼ਬਾਰ ਵਿਚ
ਭੋਗ ਦੇ ਇਸ਼ਤਿਹਾਰ ਵਿਚ
ਤੇਰੀ ਜਾਂ ਮੇਰੀ ਤਸਵੀਰ
ਮੂਰਤ ਇੱਕ
ਤੇ ਚਾਰੇ ਪਾਸੇ ਕਾਲੀ ਮੋਟੀ ਲਕੀਰ।
ਖਿੱਚੀਆਂ-ਅਣਖਿੱਚੀਆਂ
ਡਿੱਠੀਆਂ-ਅਣਡਿੱਠੀਆਂ
ਸਹਿੰਸਰਾਂ ਤਸਵੀਰਾਂ ਦੀ ਯਾਦ ਆਵੇਗੀ॥
ਤੇ ਯਾਦ ਆਵੇਗੀ
ਅਨੇਕਾਂ ਸੁਫਨਿਆਂ ਦੀ
ਵਾਅਦਿਆਂ ਦੀ
ਤੇ ਹੋ ਇਹ ਵੀ ਸਕਦਾ ਹੈ ਕਿ
ਯਾਦਾਂ ਦੇ ਕੈਮਰੇ ਦਾ ਵਿਊਫਾਂਈਡਰ ਧੁੰਦਲਾ ਪੈ ਜਾਵੇ।
ਜਾਂ ਅਨੇਕਾਂ ਹੀ
ਪਟ-ਕਥਾ, ਸੰਵਾਦ ਤੇ ਚਲ-ਚਿੱਤਰ
ਕਦੇ ਜੋ ਜਾਨ ਵਾਰਣ ਦੀ ਗੱਲ ਕਰਦੇ ਸਨ
ਉਹ ਸਾਰੇ ਦੇ ਸਾਰੇ ਹੀ ਮਿੱਤਰ
ਫਰੇਮ-ਦਰ-ਫਰੇਮ
ਅੱਖਾਂ ਦੇ ਅੱਗਿਉਂ ਲੰਘਣ
ਅਖ਼ਬਾਰ ਦਾ ਇੱਕੋ ਸਫਾ
ਪਰਤਣ ਦੀ ਹਿੰਮਤ ਨਾ ਪਵੇ
ਤੇਰੀ ਜਾਂ ਮੇਰੀ॥
ਤੂੰ ਜਾਂ ਮੈਂ ਦੇਖਾਂਗੇ ਜਦ ਕਦੇ...
ਯਾਦਾਂ ਸ਼ਬਦ ਵਿਚਲੀਆਂ ਦੋ ਲਾਂਵਾਂ
ਤੇ ਦੋ ਅੱਖਰ
ਬਣ ਜਾਣਗੇ
ਭਰਿੰਡਾਂ ਦਾ ਇੱਕ ਖੱਖਰ।
ਵੋਹ ਜੋ ਤੁਝ ਮੇਂ ਮੁਝ ਮੇ ਕਰਾਰ ਥਾ
ਤੁਝੇ ਯਾਦ ਹੋ ਜਾ ਨਾ ਯਾਦ ਹੋ
ਗਵਾਂਢੀਆਂ ਦੇ ਘਰ
ਸਟੀਰੀਓ ਭਿਨਭਿਨਾਏਗਾ।
ਮਾਰਚ, ਮਈ, ਸਤੰਬਰ, ਅਕਤੂਬਰ
ਦੀਆਂ ਸੱਤ ਤਰੀਕਾਂ ਦਾ ਚੇਤਾ ਆਏਗਾ॥
ਤੂੰ ਜਾਂ ਮੈਂ ਜਦ ਕਦੇ....

ਇੱਕ ਲਹੂ-ਲੁਹਾਨ ਕਵਿਤਾ

ਇੱਕ ਲਹੂ-ਲੁਹਾਨ ਕਵਿਤਾ

ਧਰਤੀ ਦੀ ਰਫਤਾਰ
ਦਾ ਮੈਂ ਹਾਂ ਇੱਕ ਸ਼ਿਕਾਰ।
ਬਲਦ ਨੂੰ ਆਖੋ
ਸਿੰਗ ਫਸਾ ਲਏ
ਅੱਧ ਵਿਚਾਲੇ ਜਾਂ ਮੱਧ ਵਿਚਕਾਰ॥
ਮੈਂ ਦਮ ਲੈ ਲਾਂ
ਜਾਂ ਦਿਲ਼ ਦੀ ਕਹਿ ਲਾਂ
ਕਿ ਪਹਿਲੀ ਸਹਿ ਲਾਂ
ਅਗਲੀ ਨਾ ਸੱਟ ਮਾਰ॥ ਬਲਦ ਨੂੰ ਆਖੋ
ਧਰਤੀ ਦੀ ਰਫਤਾਰ
ਹੈ ਜ਼ਿੰਮੇਵਾਰ
ਕਿ ਇੱਕ-ਇਕ ਤਾਰ
ਜੋ ਹੋ ਗਈ ਚਿੱਟੀ।
ਮੈਂ ਸਿਰ ਦੇ ਭਾਰ
ਮੇਰੀ ਦਸਤਾਰ
ਮਿੱਟੀ ਵਿੱਚ ਰੁਲਗੀ
ਪੋਟਲੀ ਖਿੰਡਗੀ
ਜੋ ਵਕਤ ਨੇ ਸਿੱਟੀ॥
(25 ਜਨਵਰੀ, 2001)

Friday, May 21, 2010

Glory of Rajasthan Series: ॥ਕਰੀਰ॥

                                ॥ਕਰੀਰ॥
(ਕਰੀਰ ਦਾ ਵੇਲਣਾ, ਮੈਂ ਵੇਲ ਵੇਲ ਥੱਕੀ ... ਤੋਂ ਅੱਗੇ)
(ਪਤ੍ਰੰ ਨੈਵ ਯਦਾ ਕਰੀਰ ਵਿਟਪੇ ਦੋਸ਼ੋ ਵਸੰਤਸਯ ਕਿੰ-ਭਰਤਰੀਹਰੀ, ਨੀਤੀਸ਼ਤਕ, 93॥ ਤੋਂ ਪਹਿਲਾਂ)

ਬਣਾਇਆ ਵੇਲਣਾ ਮੈਨੂੰ
ਕਿ ਡੇਲੇ ਡੇਲਣਾ ਮੈਨੂੰ।
ਉਦੋਂ ਦਾ ਭੁੱਲਿਆ ਯਾਰੋ
ਕਿ ਖੇਡਾਂ ਖੇਲਣਾ ਮੈਨੂੰ॥
ਮੇਰੇ ਕੁੱਝ ਸੱਕ ਸਾਥੀ ਸਨ
ਮੇਰੇ ਕੁੱਝ ਅੱਕ ਸਾਥੀ ਸਨ
ਸੀ ਬੂਟਾ ਹਰਮਲ ਦਾ
ਨਿਸ਼ਾਨ ਤਹੱਮਲ ਦਾ।
ਬਣਿਆ ਕੀ ਮੇਰੇ ਦਿਲ ਦਾ?
ਮੇਰੇ ਕੰਡੇ, ਮੇਰੇ ਪਿੰਡੇ
ਕਿਸੇ ਨੇ ਸੇਵੀਆਂ ਪਾਈਆਂ
ਉਹ ਰੁੱਤਾਂ ਕਿੱਧਰ ਨੂੰ ਗਈਆਂ
ਉਹ ਪੌਣਾਂ ਕਿੱਧਰ ਨੂੰ ਧਾਈਆਂ?
ਕਿ ਰੌਣਾਂ ਤੀਆਂ ਹਨ ਲਾਈਆਂ
ਕਿੱਥੇ ਨੇ ਮਿਰਜ਼ੇ ਦੀਆਂ ਭਰਜਾਈਆਂ?
ਹਾਏ ਰੋਹੀ ਹੀ ਰੋਹੀ ਹੈ
ਕਿਸ ਨੇ ਰੂਹ ਕੋਹੀ ਹੈ?
ਅਕਲਾਂ ਦੀ ਮੰਡੀ ਵਿੱਚ,

ਮੇਰੀ ਸ਼ਕਲ ਕਿਉਂ ਜੋਹੀ ਹੈ?

Saturday, May 8, 2010

Slitude Series: 64 ਇਕਲਾਪੇ ਦੀ ਘੋੜੀ

ਦਿਲ

ਇਕਲਾਪੇ ਦੀ ਘੋੜੀ ਤੇ ਸਰਬਾਲ੍ਹਾ ਮੇਰਾ ਦਿਲ।
ਢੇਰੀ ਦਰਦਾਂ-ਜ਼ਖਮਾਂ ਦੀ, ਰਖਵਾਲਾ ਮੇਰਾ ਦਿਲ॥
ਜਾਣਦਿਆਂ ਕਿ ਅੱਧੀ ਤੋਂ ਵੀਵੱਧ ਦੁਨੀਆ ਔਖੀ ਹੈ।

ਕਰ ਨਾ ਸਕਿਆ ਪਰ ਕੋਈ ਉਪਰਾਲਾ ਮੇਰਾ ਦਿਲ||




Tuesday, May 4, 2010

Glory of Rajasthan Series : 10 ॥ਮੋੜ੍ਹੀਆਂ॥

॥ਮੋੜ੍ਹੀਆਂ॥

ਮੁਲ਼ਕ ਮੇਰੇ ਦੀਆ ਮੋੜ੍ਹੀਆਂ
ਕਦੇ ਨਾ ਪਈਆਂ ਥੋੜੀਆਂ
ਰਾਖੀ ਕਰਦੀਆਂ ਹੱਦ ਦੀ।
ਤਿੰਨ ਰੰਗੀ ਸਰਹੱਦ ਦੀ॥
ਜੌਂ, ਜਵਾਰ ਤੇ ਬਾਜਰਾ
ਖਾਈਏ, ਭਰੀਏ ਹਾਜ਼ਰਾ।
ਜਦ ਦਾ ਸਤਲੁਜ ਭਾਲਿਆ,
ਲੋਕੀਂ ਕਹਿੰਦੇ ਨੇ 'ਸਰਾ'॥
ਗੱਡੀਆਂ ਬਹੁਤ ਬਥੇਰੀਆਂ
ਤੇਰਾਂ-ਤੇਰਾਂ-ਤੇਰਾਂ

ਤੇਰੀ ਆਂ-ਤੇਰੀ ਆਂ-ਤੇਰੀ ਆਂ।

ਤੇਰੇ ਮੋਹ ਨੇ ਤੇਗ਼ਿਆ, ਮੱਤਾਂ ਵੀ ਨੇ ਫੇਰੀਆਂ॥


ਤੇ ਚਾਰ ਚੁਫੇਰੇ ਤੇਰੀਆਂ
ਭਰੇ ਮੁਲਕ ਵਿੱਚ ਬਾਤਾਂ
ਤੇਰੀਆਂ ਹੀ ਤੇਰੀਆਂ।
ਕਦੇ ਨਾ ਆਈਆਂ ਕਰਨੀਆਂ
ਠੱਗੀਆਂ ਤੇ ਹੇਰਾ-ਫੇਰੀਆਂ॥

ਵਾੜ ਖੇਤ ਨੂੰ ਖਾਂਦੀ ਜਾਏ,
ਸਾਨੂੰ ਨਾ ਕੋਈ ਇਹ ਸਮਝਾਏ।
ਗੁਰੂ ਮੇਰੇ ਲੜ ਫੜਿਆ ਅਸਾਂ
ਸਿਰ ਦੀਜੈ ਕਾਨ ਨਾ ਕੀਜੈ
ਸਿਦਕ ਮੂਲ ਨਾ ਜਾਏ॥

ਇੱਕ ਮੋਹੜੀ ਮਿੱਤਰਾਂ ਦੀ,
ਗੱਲ ਜਾਏ ਕਦੇ ਵੀ ਨਾ
ਸਾਥੋਂ ਮੋੜੀ ਮਿੱਤਰਾਂ ਦੀ।
ਸਿਦਕ ਮੂਲ ਨਾ ਜਾਏ॥
ਕੋਈ ਦਾਲ ਲਿਆਏ ਨਾ
ਪੈਂਦੀ ਵੰਡੀ ਜਦ ਛਿੱਤਰਾਂ ਦੀ॥

Glory of Rajasthan Series: 9 ॥ਮਲ੍ਹੇ॥

॥ਮਲ੍ਹੇ॥

ਮਲ੍ਹੇ ਹਨ ਜਾ ਕੋਈ,
ਰੁਮਾਲੇ ਮਖ਼ਮਲੀ।
ਹੋ ਬੇਰ ਵੀ ਲੱਗੇ ਨੇ,
ਗ਼ੁਲਾਬ ਹਨ ਜਾਂ ਤਿਲ਼
ਮਾਸ਼ੂਕਾ ਦੀ ਗੱਲ੍ਹ ਵਲ਼ੀ?

ਮਲ੍ਹਿਆਂ ਦੀ ਧਰਤੀ ਤੋਂ,
ਬਲਿਹਾਰ ਕਵੀ ਇਸ ਤੋਂ
ਮਾਵਾਂ ਜਾਂ ਛਾਵਾਂ ਜਾਂ ਇਹ ਹਨ ਗੋਦੀ।
ਕੀ ਕਰਦੇ ਪਏ ਇੱਥੇ,
ਚਾਂਦੀ ਦਾ ਅੰਗੂਠਾ ਤੇ, ਸੋਨੇ ਦੀ ਤਲ਼ੀ?

ਇਹ ਝਾਫਾ ਨਹੀਂ,
ਜੱਫਾ ਹੈ ਯਾਰਾਂ ਦਾ।
ਸਾਹਿਤ ਦੇ ਖਾੜੇ ਵਿਚ,
ਕੀ ਕੰਮ ਦਰਜੀਆਂ ਦਾ,
ਕੀ ਕੰਮ ਕਰਿਆੜਾਂ ਦਾ॥

ਟਿੱਟਣਾਂ ਦੀ ਕੀ ਮਰਜ਼ੀ,
ਬੋਤੇ ਨੇ ਖਾਣਾ ਹੈ,
ਇੱਥੇ ਹਿੜ੍ਹਕਾਂ ਵੀ ਮਿੱਠੀਆਂ,
ਨਹੀਂ ਕੰਮ ਰਿਹਾੜਾਂ ਦਾ।
ਇਹ ਮਹਿਫਲ ਮਿੱਤਰਾਂ ਦੀ,
ਦੇਖੀ ਤੂੰ ਜਾਈਂ,
ਵੰਡੀ ਪਊ ਜੋ ਛਿੱਤਰਾਂ ਦੀ॥



Monday, April 26, 2010

Glory of Rajasthan Series:8 ॥ਚਿਲਮਾਂ॥

॥ਚਿਲਮਾਂ॥

ਚਿਲਮਾਂ ਤੋਂ ਕੀ ਚਿਲਮਨ
ਸਮਾਧੀ ਸਾਧਾਂ ਦੀ
ਤਨ ਮਨ ਜਾਂ ਧਨ ਹਨ।
ਬੋਧੀ ਕੀ ਜਾਣਨ
ਕਿ ਭੇਖੀ ਕਿੰਜ ਮਾਣਨ
ਰੁਦਨ ਹੀ ਹੁਦਨ ਹੈ, ਰੁਦਨ ਹੀ ਰੁਦਨ॥

ਧੁਆਂਖਾ, ਧੂਆਂ, ਧੂਆਂ,, ਧੂਆਂ
ਹੇਠਾਂ ਮੈਂ ਆਂ, ਮੈਂ ਆਂ, ਮੈਂ ਆਂ,
ਕਿ ਉੱਤੇ ਤੂੰ ਆਂ, ਤੂੰ ਆਂ, ਤੂੰ ਆਂ।
ਕਿ ਮਾਟੀ ਭੁੱਜੀ ਹਾਂ,
ਵਕਤਾਂ ਸੰਗ ਰੁੱਝੀ ਹਾਂ
ਤੇਰੇ ਵੱਲ ਮੂੰਹ ਆਂ, ਮੂੰਹ ਆਂ, ਮੂੰਹ ਆਂ॥

ਬੁਝਾਰਤ ਅਮਲੀ ਦੀ,
ਕਿ ਹਾਸਿਲ ਕਮਲੀ ਦੀ,
ਮਿੱਟੀ ਮੈਂ ਗਿੱਠ ਭਰ ਦੀ।
ਦੋਸਤ ਵਰਾਵਾਂ ਕਿ ਪੀਰ ਮਨਾਵਾਂ
ਵੈਰੀ ਥੀਂ ਠਿੱਠ ਕਰਦੀ।।

Friday, April 23, 2010

Glory of Rajasthan:7 ॥ਰਤੋਮਲ॥

॥ਰਤੋਮਲ॥ {The Red Flower}

ਇੱਕ ਡੋਡਾ ਭੁੱਕੀ ਦਾ,
ਚਸਕਾ ਰੋਟੀ ਸੁੱਕੀ ਦਾ,
ਉੱਤੇ ਲੂਣ ਵੀ ਭੁੱਕੀਦਾ॥

ਰੱਤਾ ਚਟਣੀ ਮਿਰਚਾਂ ਦੀ,
ਕਦੇ ਵੀ ਨਹੀਂ ਭੁੱਲਣੀ,
ਇਹ ਖੁਰਕ ਜੋ ਕਿਰਚਾਂ ਦੀ॥

ਗੁਲਾਬੀ ਫੁੱਲ ਖਿੜਿਆ,
ਮਾਰੂ ਵਿੱਚ ਪੋਸਤ ਦਾ,
ਉੱਡ ਚਿੜੀਆਂ ਸੰਗ ਚਿੜਿਆ॥

ਇਹ ਖੇਤੀ ਭੁੱਕੀ ਦੀ,
ਬਾਝੋਂ ਪਿਆਰ ਤੇਰੇ,
ਇਹ ਜਾਂਦੀ ਸੁੱਕੀ ਦੀ॥

ਇੱਕ ਅਮਲੀ ਯਾਰ ਮਿਰਾ,
ਫੜ ਕੇ ਬੈਠ ਗਿਆ,
ਸਿਖਰਾਂ ਦਾ ਇੱਕ ਸਿਰਾ॥

Thursday, April 22, 2010

Glory of Rajasthan:6 ॥ਜਵਾਰ॥

॥ਜਵਾਰ॥

ਜਵਾਰਾਂ ਨਿੱਸਰੀਆਂ।
ਤਕਲੀਫਾਂ ਗਿਣ-ਗਿਣ ਕੇ,
ਯਾਰਾਂ ਵਿੱਸਰੀਆਂ॥

ਇਹ ਜੌਹਰੀ ਕੀ ਜਾਣੇ।
ਆਸਰੇ ਤੇਰੇ ਨੀ
ਅਸਾਂ ਸੁਖੜੇ ਕੀ ਮਾਣੇ॥

ਦੇਖੋ ਗਾਈਆਂ ਬੋਲਦੀਆਂ।
ਦੁੱਖ ਜਵਾਰਾਂ ਦੇ
ਮਾਰੂ ਵਿੱਚ ਟੋਲਦੀਆਂ॥

ਕਿ ਉੱਖਲੀ ਹੈ ਖੜਕੀ।
ਮੂਲ੍ਹੀਆਂ ਚਲਦੀਆਂ ਨੇ
ਸਾਡੀ ਧੜਕਣ ਹੈ ਬੜ੍ਹਕੀ॥

ਕਿ ਖਾਧੀ ਕਵੀਆਂ ਨੇ।
ਰਾਧਾ ਕ੍ਰਿਸ਼ਨਾ ਦੀ
ਸਮਾਧੀ ਰਵੀਆਂ ਨੇ॥

Glory of Rajasthan:5 ॥ਬਾਜਰਾ॥

॥ਬਾਜਰਾ॥

(ਬਾਜਰੇ ਦਾ ਸਿੱਟਾ ਤੋਂ ਅੱਗੇ)

ਮਿਰਾ ਸਿੱਟਾ,
ਕਿ ਕਿਸ ਡਿੱਠਾ
ਮੈਂ ਕਦ ਖਾਰਾ
ਮੈਂ ਕਦ ਮਿੱਠਾ।
ਤਲੀ ਕਿਸ ਦੀ
ਤੇ ਸਿਰ ਕਿਸ ਦਾ।
ਚੁੱਕ ਚੁੱਕ ਅੱਡੀਆਂ ਨੂੰ
ਯਾਰਾਂ ਦਾ ਸਿਰ ਦਿਸਦਾ॥
ਕਿ ਰੁੱਠੜੇ ਮਾਹੀ ਨੂੰ
ਮੈਂ ਕੀ ਪੁੱਛਦਾਂ ਤੇ ਕੀ ਦੱਸਦਾਂ।
ਵਿੱਚ-ਵਿੱਚ ਰੋਹੀਆਂ ਦੇ,
ਜੀ ਰੋਂਦਾਂ ਤੇ ਹੱਸਦਾਂ॥
ਗੋਧਾ ਜਾਂ ਦੋਧਾ,
ਭੁੰਨਿਆ ਜਾਂ ਪੱਕਿਆ।
ਤਰਕਾਰੀ ਮਾਰੂ ਦੀ,
ਮੈਂ ਰਿੱਝ-ਰਿੱਝ ਨਹੀਂ ਥੱਕਿਆ॥

ਕੇਸਰ ਕਿ ਕੇਸਰੀ,
ਰੰਗ ਨਿਰਾਲਾ ਹਾਂ।
ਦਸ਼ਮੇਸ਼ ਪਿਤਾ ਜੀ ਦਾ
ਮੈਂ ਇੱਕ ਨਿਵਾਲਾ ਹਾਂ॥

Glory of Rajasthan:4 ॥ਅੱਕ॥

॥ਅੱਕ॥

ਅਸੀਂ ਅੱਕ ਦੇ ਬੂਟੇ ਹਾਂ,
ਹਿੱਕੜੀ ਦੁਸ਼ਮਣ ਦੀ
ਅਸੀਂ ਲੈਂਦੇ ਝੂਟੇ ਹਾਂ।

ਜੀ ਬੂਟੇ ਅੱਕ ਦੇ ਹਾਂ
ਹਿੱਕੜੀ ਵੈਰੀ ਦੀ
ਅਸੀਂ ਨਚਦੇ ਟਪਦੇ ਹਾਂ॥

ਇੱਕ ਫੰਭੜੀ ਸਾਡੀ ਹੈ,
ਵਿਚ-ਵਿਚ ਰੇਤਾ ਦੇ
ਇਹ ਛਤਰੀ ਸਾਡੀ ਹੈ।

ਦੁੱਧ ਪਿਆ ਚੋਂਦਾ ਹੈ
ਅਸੀਂ ਪੀ-ਪੀ ਹਸਦੇ ਹਾਂ
ਦੁਸ਼ਮਣ ਕਿਉਂ ਰੋਂਦਾ ਹੈ॥

ਅੰਬ ਵਰਗੀ ਕੁਕੜੀ ਹੈ
ਧੀਏ ਰੱਖ ਜੇਰਾ
ਜਿੰਦੜੀ ਨਹੀਂ ਮੁਕੜੀ ਹੈ।

ਬੇਸ਼ੱਕ ਛਾਂ ਛੋਟੀ ਹੈ,
ਦੁੱਖ ਪਰਦੇਸਾਂ ਦੇ
ਨਾ ਪੰਡ ਨਾ ਤੱਕੜੀ ਹੈ॥

ਅੱਕਾਂ ਦੀ ਇੱਕ ਦੁਨੀਆ
ਮਗਰੂਰ ਦੀ ਬੋਤਲ ਜਾਂ
ਮਜਬੂਰ ਦਾ ਇੱਕ ਪਊਆ।

ਇੱਕ ਹਾਉਕਾ ਸੁਣ ਲੋਕਾ,
ਅਸੀਂ ਹੱਸ-ਹੱਸ ਰੋਂਦੇ ਹਾਂ,
ਦੋਖੀ ਰੋ-ਰੋ ਹੈ ਹਸਦਾ॥
(ਅੱਕ ਸਿਉ ਪ੍ਰੀਤ ਕਰੇ ਅਕਤਿਡਾ)

Tuesday, April 20, 2010

Glory of Rajasthan Series-3 ॥ਕਿੱਕਰ॥

॥ਕਿੱਕਰ॥
ਸੁਣ ਕਿੱਕਰੇ
ਮੇਰੀਏ ਮਿੱਤਰੇ
ਨੀ ਤੇਰੀਆਂ ਸੂਲ਼ਾਂ
ਲਗਦੀਆਂ ਮਖ਼ਮਲ਼।
ਮੈਂ ਸੌਂ ਜਾਂ ਨਿਸ਼ੱਕ
ਚਾਹੇ ਮੇਰਾ ਦਿਲ॥

ਸੁਣ ਕਿੱਕਰੇ
ਸੁਆ ਦੇ ਸ਼ਿਕਰੇ
ਤੇਰੇ ਪੱਤੇ
ਨੀ ਹੁਕਮ ਦੇ ਯੱਕੇ।
ਜਾਂਦਿਆਂ ਰਾਹੀਆਂ
ਮਿਟਾਈਆਂ ਨੀਂਦਾਂ
ਕਦੇ ਨਾ ਥੱਕੇ॥

ਸੁਣ ਕਿੱਕਰੇ
ਖੜ੍ਹੀ ਤੂੰ ਪਹਿਰੇ
ਨੀ ਪਹਿਰੇ ਰੋਹੀਆਂ ਦੇ।
'ਕੱਲੀ ਲਕੜੀ ਵਣਾਂ ਦੇ ਅੰਦਰੀਂ
ਦੁੱਖ ਦਸਦੀ,
ਨੀ ਦੁੱਖ ਨਿਰਮੋਹੀਆਂ ਦੇ॥

ਸੁਣ ਕਿੱਕਰੇ
ਸੁਣਾ ਦੇ ਫਿਕਰੇ
ਫਿਕਰ ਤੂੰ ਯਾਰਾਂ ਦੇ।
ਮਰਨੇ ਚਿੜੀਆਂ ਦੇ
ਤੇ ਹਾਸੇ ਗੰਵਾਰਾਂ ਦੇ॥

ਸੁਣ ਕਿੱਕਰੇ
ਕਿ ਤੇਰਾ ਜ਼ਿਕਰ ਏ
ਬਜ਼ਮ ਹੈ ਦੁਸ਼ਮਣ ਦੀ।
ਜ਼ਖ਼ਮ ਜਾਂ ਫੋੜਾ, ਜੋ ਦਿਸਦਾ ਥੋੜਾ
ਬੱਸ ਲੋੜ ਆ ਛਿੱਲਣ ਦੀ॥

ਸੁਣ ਕਿੱਕਰੇ
ਨੀ ਵੱਡੀਏ ਭੈਣੇ
ਪਾਉਂਦੀ ਕਿਉਂ ਵੈਣ ਏ
ਸਮੇਂ ਦੀ ਡੈਣ ਏ।
ਨੀ ਆਪਣਾ ਰੋਹੀਆਂ ਮੇਂ
ਵਸੇਰਾ ਤੇ ਨਾਲੇ ਰੈਣ ਏ॥

Glory of Rajasthan Series-2 ॥ਜੰਡ॥

॥ਜੰਡ॥

ਬਦਨਾਮ ਬੜਾ ਹਾਂ ਮੈਂ
ਕਿ ਮਰਿਆ ਕਿਉਂ ਮਿਰਜ਼ਾ
ਆ ਕੇ ਹੇਠ ਮੇਰੇ।
ਰੁਕ ਜਾ, ਜਾਂ ਦੱਸ ਜਾ
ਦੱਸ ਜਾ ਵੇ ਰਾਹੀਆ॥

ਪੱਤਾ ਇੱਕ-ਇੱਕ ਤੇ ਖੋਖਾ,
ਲੁਛਦਾ ਪਿਆ ਵੇ ਲੋਕਾ
ਜਿਸ ਦਿਨ ਦਾ ਪਿਆ ਹੋਕਾ।
ਕਿ ਸਾਹਿਬਾਂ ਬਣੀ ਭਰਾਵਾਂ ਦੀ
ਜੰਡ ਕਰਦਾ ਤਾਂ ਕੀ ਕਰਦਾ॥

ਕਿ ਦੁਖੜੇ ਜੰਡੀਆਂ ਦੇ
ਕਦ ਪੁੱਛਣੇ ਕੰਧੀਆਂ ਨੇ
ਕਦ ਰੁਕਣੈ ਹਿਰਨਾਂ ਨੇ
ਕਦ ਤਣਨੈ ਫੰਦੀਆਂ ਨੇ
ਕਦ ਰੋਣੈ ਭੰਡਾਂ ਨੇ
ਕਦ ਹੱਸਣਾ ਰੰਡੀਆਂ ਨੇ
ਇਹ ਹਾਸੇ ਗਰਮ ਬੜੇ
ਇਹ ਪੀੜਾਂ ਠੰਢੀਆਂ ਨੇ।

ਇੱਕ ਦਾਨਾਬਾਦ ਦੀ ਲਾਲਸਾ
ਇੱਕ ਤਖ਼ਤ ਹਜ਼ਾਰੇ ਦਾ ਹਾਦਸਾ
ਵਿਚ ਝੰਗ ਸਿਆਲਾਂ ਦੇ
ਭਖੀਆਂ ਮੰਡੀਆਂ ਨੇ॥

Sunday, April 18, 2010

Glory of Rajashan Series-1 ਮੁੜ-ਮੁੜ 'ਵਾਜਾਂ ਮਾਰੇ ਮੈਨੂੰ

ਮੁੜ-ਮੁੜ 'ਵਾਜਾਂ ਮਾਰੇ ਮੈਨੂੰ
ਮਿੱਟੀ ਰਾਜਸਥਾਨ ਦੀ।
ਇਹ ਰਣਯੋਧਿਆਂ ਦੀ ਧਰਤੀ,
ਤੇ ਕਲਗੀ ਹਿੰਦੁਸਤਾਨ ਦੀ॥
(Time and again,
I am recalled by the sanddunes of Rajasthan.
This land of warriors,
And the Plume of India).

ਮਿੱਟੀਏ ਨੀ ਰਾਜਸਥਾਨ ਦੀਏ...
ਤੇਰੇ ਟਿੱਬਿਆਂ ਨੂੰ ਚੱਬ-ਚੱਬ ਖਾਵਾਂ-
ਜਨਮਾਂ ਦੀ ਭੁੱਖ ਮਿਟਾਵਾਂ।
ਮੁੜ-ਮੁੜ 'ਵਾਜ਼ਾਂ ਮਾਰੇ ਮੈਨੂੰ...
(O! sand of Rajasthan,
I wish to gobble up your mounds,
In order to end my hunger of Ages.
Time and again...)

ਪੌਣੇ ਨੀ ਰਾਜਸਥਾਨ ਦੀਏ,
ਤੇਰੇ ਕੱਪੜੇ ਸਵਾਂ ਕੇ ਪਾਵਾਂ,
ਨੀ, ਮੈਂ ਮੁੜ ਕੇ ਕਦੇ ਨਾ ਲਾਹਵਾਂ।
ਮੁੜ-ਮੁੜ 'ਵਾਜਾਂ ਮਾਰੇ ਮੈਨੂੰ...
(O! air of Rajasthan,
I wish to make my robes out of you,
Never to be shed again.
Time and again...)

ਮਹਿਕੇ ਨੀ ਰਾਜਸਥਨ ਦੀਏ
ਤੈਨੂੰ ਪੈਰਿਸ ਦੀ ਸੈਰ ਕਰਾਵਾਂ,
ਮੈਂ ਦੁਨੀਆ ਨੂੰ ਲੁੱਟ ਕੇ ਲਿਆਵਾਂ।
ਮੁੜ-ਮੁੜ 'ਵਾਜ਼ਾਂ ਮਾਰੇ ਮੈਨੂੰ...
(O! Frangrance of Rajashtan,
I wish to take you on a tour to Paris,
So that the world could be stunned!
Time and again....)

ਨੀਰਾ ਵੇ ਰਾਜਸਥਾਨ ਦਿਆ,
ਤੇਰੇ ਪੈਰਾਂ 'ਚ ਗੰਗਾ ਨੂੰ ਬਹਾਵਾਂ,
ਨਮਸਤੰ-ਨਮਸਤੰ ਕਹਾਵਾਂ।
ਮੁੜ-ਮੁੜ 'ਵਾਜ਼ਾਂ ਮਾਰੇ ਮੈਨੂੰ...
(O! Waters of Rajasthan,
I wish to the Ganges prostrate before you,
Chanting Welcome, Wecome
Time and again....).


ਮੁੜ-ਮੁੜ ਵਾਜਾਂ ਮਾਰੇ ਮੈਨੂੰ,
ਮਿੱਟੀ ਰਾਜਸਥਾਨ ਦੀ,
ਇਹ ਰਣਯੋਧਿਆਂ ਦੀ ਭੂਮੀ
ਤੇ ਕਲਗੀ ਹਿੰਦੁਸਤਾਨ ਦੀ॥
(Time and again,
I am recalled by the sanddunes of Rajasthan.
This land of warriors,
And the Plume of India).


Soltitude Series-29 (last)

ਮੇਰਾ ਸਰਮਾਇਆ,
ਮੇਰੀ ਇਕੱਲਤਾ॥

Solitude Series-28

ਹਰ ਮੁਲਾਕਾਤ,
ਕਿਸੇ ਨਵੀਂ
ਪ੍ਰੇਸ਼ਾਨੀ ਦੀ ਜਨਨੀ॥

Solitude Series-27

ਤੇਲ ਨਾ ਸਹੀ,
ਦੀਵਾ ਤਾਂ ਹੈ|
ਰੌਸ਼ਨੀ ਦੀ ਉਮੀਦ ਵੀ॥

Solitude Series-26

ਦਿਲ਼ ਦਾ ਵਿਹੜਾ ਸੁੰਨਾ-ਸੁੰਨਾ
ਜਿਉਂ ਕਮਿਊਨਿਸਟਾਂ ਦਾ ਦਫਤਰ
(345, ਸੈਕਟਰ 21 ਏ, ਚੰਡੀਗੜ੍ਹ)

Saturday, April 17, 2010

Solitude Series-25

ਪੋਸਟ-ਮਾਰਟਮ ਰਿਪੋਰਟ:
ਇਕ ਜ਼ਖ਼ਮ ਛੁਰੀ ਦਾ,
ਤਿੰਨ ਤੇਰੇ ਮਿਹਣਿਆਂ ਦੇ॥

Solitude Series-24

ਮੱਛੀ ਰੋਂਦੀ ਨਹੀਂ ਸੋਂਹਦੀ,
ਕਮ ਸੇ ਕਮ
ਜਲ ਦੇ ਅੰਦਰ

Solitude Series-23

ਅੰਧਕਾਰ ਦੀ ਸਦੀ ਵਿਚ
ਜੋ ਵੀ ਮਿਲਿਆ-
ਆਖਰੀ ਵੇਰ ਮਿਲਿਆ॥

Solitude Series-22

ਰੁਲ ਗਈਆਂ
ਠੀਕਰਾਂ ਤੇਰੀਆਂ-
ਵੇ ਟੁਟਿੱਆ ਤੌੜਿਆ॥

Solitude Series-21

ਮੈਂ ਖ਼ਾਬਾਂ ਦੇ ਖੰਡਰਾਤ ਦਾ
ਦੌਰਾ ਕੀਤਾ, ਰੋਜ਼ ਰੋਜ਼,
ਤੇਰੇ ਜਾਣ ਪਿੱਛੋਂ॥

Solitude Series-20

ਮੇਰੀ ਪ੍ਰੇਸ਼ਾਨੀ ਰਹੇਗੀ,
ਰਹਿੰਦੀ ਉਮਰ-
ਦੇਖ ਕੇ ਤੇਰੀਆਂ ਪੈੜਾਂ!

Solitude Seires-19

ਮੈਂ ਜ਼ਿੰਦਗੀ ਨੂੰ ਤਰਸ ਦਾ
ਪਾਤਰ ਜਿਹਾ ਡਿੱਠਾ,
ਤੇ ਤਰਸ ਨੂੰ ਜ਼ਿੰਦਗੀ ਦਾ॥

Solitude Series-18

ਇਹ ਮੁੱਠੀ ਕੁ ਹੱਡੀਆਂ,
ਇਹ ਫੁੱਲਾਂ ਦੀ ਮੁੱਠੀ,
ਤੇਰੇ ਜਾਣ ਪਿੱਛੋਂ॥

Solitude Series-17 (Asuper masterpiece)

ਅਨੇਕਾਂ ਵਿਧੀਆਂ
ਰੋਣ ਦੀਆਂ ਦਾ,
ਆਵਿਸ਼ਕਾਰ ਕੀਤਾ-
ਤੇਰੇ ਜਾਣ ਪਿੱਛੋਂ, ਮੈਂ॥

Solitude Series-16

ਆਸਥਾ ਤੇ ਅਸਥੀਆਂ,
ਅਸਤ-ਵਿਅਸਤ।
ਇਸੇ ਤਰ੍ਹਾਂ ਹੀ ਮੈਂ॥

Solitude Series-15 (A masterpiece)

ਨਰਕ ਦੀ ਤਹਿ 'ਚ ਜਾ ਕੇ
ਯਾਰਾਂ ਦੇ ਪਤੇ ਭੁੱਲ ਗਿਆ ਮੈਂ।
ਤੇ ਯਾਰ ਮੇਰਾ ਪਤਾ॥

Solitude Series-14 (A masterpeice)

ਨਰਕ ਵਿੱਚ ਜਾ ਕੇ ਮਿਲਣ ਦਾ
ਜਿਨ ਵਾਅਦਾ ਕੀਤਾ ਸੀ-
ਪਤਾ ਨਹੀਂ ਯਾਰ ਮੇਰੇ
ਭਟਕ ਗਏ ਉਹ ਰਾਸਤਾ ਕਿੱਥੇ॥

Solitude Series-13

ਗੁਰਬਤ ਵਿਚ ਯਾਰ ਮੇਰੇ,
ਕਦੇ ਵੀ ਯਾਦ ਨਾ ਆਏ।
ਦੁਸ਼ਮਣੋ ਸ਼ੁਕਰੀਆ!

Solditude Series-112

ਮੁਹੱਬਤ 'ਹੁੱਬ-ਹੁੱਬ' ਕੀ ਕੀਤੀ
ਕਿ 'ਮੱਤ' ਮਾਰੀ ਗਈ।
ਨਾ ਰਾਸ ਆਈ ਅਸਾਨੂ
ਅੱਖਰਾਂ ਦੀ ਇਹ ਹਿਲਜੁਲ॥

Solitude Series-11

ਮੁਹੱਬ ਸ਼ਬਦ ਅੰਤ ਤੱਤਾ,
ਨਫਰਤ ਸਬਦ ਅੰਤ ਤੱਤਾ,
ਅੰਤ ਦੇ ਅੰਤ ਵੀ ਤੱਤਾ॥

Solittude Series-10

ਨਾ ਉਸ ਹੱਸਣਾ,
ਨਾ ਮੈਂ ਮਰਨਾ।
ਮੈਂ ਦੇਖਾਂ ਬੁੱਤ ਵੱਲ,
ਬੁੱਤ ਮੇਰੇ ਵੱਲ॥

Solitude Series-9

ਅੰਗਰੇਜ਼ਾਂ ਦੇ,
ਇਸਾਈਆਂ ਦੇ,
ਵਿਆਹਾਂ 'ਤੇ,
ਜੋ ਮਿਲਦੀ ਹੈ,
ਜੇ ਮਿਲ ਜਾਵੇ
ਤਾਂ ਮੈਂ ਸੁਰਗ ਨੂੰ ਜਾਵਾਂ॥

Solitude Series-8

ਮੁਹੱਬਤ ਸ਼ਬਦ ਦੇ ਪੰਜ ਅੱਖਰ,
ਖ਼ਾਕ ਦੇ ਢਾਈ॥

Solitude Series-7

ਲੱਕੜਾਂ ਨੂੰ,
ਖੁਸ਼ੀ ਦੇ ਜਿਹੜੇ ਅਵਸਰ 'ਤੇ
ਸਨਮਾਨ ਮਿਲਣਾ ਹੈ,
ਉਥੇ ਇੱਕ ਲਾਸ਼ ਬਣ ਕੇ,
ਮੈਂ ਕਦੇ ਵੀ ਜਾ ਨਹੀਂ ਸਕਦਾ॥

Solitude Series-6

Solitude Series-5

ਕਿ ਸ਼ੀਸ਼ਾ ਤੋੜ ਕੇ
ਜੇ ਨਰਕ ਨੂੰ ਤੂੰ ਪਾਰ ਕਰ ਜਾਵੇਂ
ਝਰੀਟਾਂ ਦੋ ਜਾਂ ਚਹੁੰ ਦੇ ਨਾਲ
ਤੈਨੂੰ ਫਰਕ ਨਹੀਂ ਪੈਣਾ।

Solitude Series-4

ਤੈਂਨੂੰ ਸਮਝਿਆ ਤਿਣਕਾ,
ਡੁੱਬ ਗਿਆ ਹਾਂ,
ਮੈਂ ਮੂਰਖ।

Solitude Series-3

ਲਹੂ ਸੰਗ ਲੱਥ-ਪੱਥ ਨੇ,
ਪਥ ਜਿਹੜੇ,
ਉਹੀ ਨੇ
ਮੇਰੀਆਂ ਪੈੜਾਂ।

Solitude Series-2

ਨਾ ਤੈਨੂੰ,
ਇਮਰਾਨ ਖ਼ਾਨ ਮਿਲਿਆ,
ਨਾ ਮੈਨੂੰ ਰੇਖਾ।

Solitude Series-1

ਮੁਹੱਬਤ,
ਨਿਸਫ ਅਸਤ,
ਖ਼ਾਕ।*
*(ਮੁਹੱਬਤ ਅੱਧੀ ਸੁਆਹ ਦੇ ਬਰਾਬਰ ਹੁੰਦੀ ਹੈ)

Butterfly-22-Last

ਵਿਲਕਦੀ ਤਿਤਲੀ

ਇਹ ਠੰਢੀ ਰਾਤ ਤੇ ਇੱਕ ਵਿਲਕਦੀ ਤਿਤਲੀ।
ਉਮੀਦ ਦੇ ਕੰਬਲ ਨੂੰ ਦੇਖੋ ਤਰਸਦੀ ਤਿਤਲੀ।
ਉਮਰ ਹੈ ਇਹਦੀ ਸੁਫਨਿਆਂ ਨਾਲ ਖੇਡਣ ਦੀ,
ਦੁਖਾਂਤਾਂ ਨਾਲ ਫਿਰਦੀ ਖੇਡਦੀ ਮੇਰੀ ਤਿਤਲੀ॥

Butterfly-21-A

ਝੱਲੀ ਤਿਤਲੀ

ਧੁੰਦ, ਠੰਢੀ ਹਵਾ, ਕੜਾਕਾ ਤੇ ਇਕੱਲੀ ਤਿਤਲੀ।
53ਵੇਂ ਸਾਲ ਲੰਘੀ ਜਾਂਦੀ ਹੈ ਹੁਣ ਚੱਲੀ ਤਿਤਲੀ।
ਇੰਦਰੀਆਂ ਦੀ ਪਸਤੀ ਦਾ ਸਿਲਸਿਲਾ ਜਾਰੀ ਹੈ,
ਯਕੀਨ ਕਰਨ ਚ ਨਹੀਂ ਆਉਂਦੀ ਝੱਲੀ ਤਿਤਲੀ॥

Butterfly-21

ਨਵੇਂ ਸਾਲ ਵਿਚ ਤਿਤਲੀ
ਤੂੰ ਸੁਣਾ ਤੇਰਾ ਹਾਲ-ਚਾਲ,ਹੇ ਤਿਤਲੀ।
ਕਿਸ ਤਰ੍ਹਾਂ ਦਾ ਹੈ ਕਾਲ, ਹੇ ਤਿਤਲੀ।
ਅਸੀਂ ਦੋਵੇਂ ਹਾਂ ਫਿਲਹਾਲ ਵੀ ਬੇਹਾਲ ਜੇ,
ਕਿਹੋ ਜਿਹਾ ਹੈ ਨਵਾਂ ਸਾਲ,ਹੇ ਤਿਤਲੀ?

Butterfly-20

ਠੰਢੇ ਰਿਸ਼ਤੇ

ਕੁੱਝ ਕੁ ਨੇ ਹਰਫ, ਮੇਰੀ ਤਿਤਲ਼ੀ।
ਤੇਰਾ ਕਿਆ ਜ਼ਰਫ, ਮੇਰੀ ਤਿਤਲੀ।
ਆ ਰਿਸ਼ਤਿਆਂ ਦੀ ਠੰਢਕ ਦੇਖ ਤੂਂ,
ਜੰਮ ਗਈ ਬਰਫ, ਮੇਰੀ ਤਿਤਲ਼ੀ।

Butterfly-18

ਆ ਤਿਤਲ਼ੀ

ਭਟਕ ਗਏ ਬਾਦਬਾਨਾਂ ਦੀ ਜ਼ੁਬਾਂ ਬਣੀਏ, ਕਿ ਆ ਤਿਤਲੀ।
ਗ਼ਮ-ਜ਼ਦਾ ਬਾਗਬਾਨਾਂ ਦੀ ਜ਼ੁਬਾਂ ਬਣੀਏ, ਕਿ ਆ ਤਿਤਲੀ।
ਮੌਜੂਦਾ ਦੌਰ ਵਹਿਸ਼ਤ ਦਾ, ਤੇ ਜਦ ਹੈ ਹਰ ਕੋਈ ਵਹਿਸ਼ੀ,
ਆਪਾਂ ਰਲ ਕੇ ਇੰਸਾਨਾਂ ਦੀ ਜ਼ੁਬਾਂ ਬਣੀਏ, ਕਿ ਆ ਤਿਤਲੀ॥

Butterfly-17

ਰੰਗ ਫਿੱਕਾ

ਮੋਹ ਦੀ ਖਿੱਚ ਦਾ ਜੋ ਡਂਗ ਪੈ ਗਿਆ ਫਿੱਕਾ।
ਸਮੇਂ ਦੇ ਬਿਸਤਰ ਮੈਂ ਤਂਗ, ਪੈ ਗਿਆ ਫਿੱਕਾ।
ਰਿਸ਼ਤਿਆਂ ਦੇ ਮੌਸਮ ਦੀ ਜਦ ਆਈ ਸਰਦੀ,
ਤਿਤਲ਼ੀ ਦੇ ਖੰਭਾਂ ਦਾ ਰੰਗ ਪੈ ਗਿਆ ਫਿੱਕਾ॥

Butterfly -16

ਸਾਂਵਲੀ ਤਿਤਲੀ

ਅਹਸਾਸ-ਇ-ਕਮਤਰੀ ਨੇ ਮਾਰੀ ਸਾਂਵਲੀ ਤਿਤਲ਼ੀ।
ਆਲਮ ਦੀ ਬਖ਼ਤਾਵਰੀ ਨੇ ਮਾਰੀ ਸਾਂਵਲੀ ਤਿਤਲ਼ੀ।
ਕਾਲੇ ਗ਼ੁਲਾਬ ਦੀ ਭਾਲ ਵਿੱਚ ਨਿੱਕਲੀ ਕਿਸੇ ਵੇਲੇ,
ਕੰਡਿਆਂ ਦੀ ਕਿਰਕਰੀ ਨੇ ਮਾਰੀ ਸਾਂਵਲੀ ਤਿਤਲ਼ੀ॥

Butterfly-15

ਤੂੰ ਆ ਤਿਤਲੀ

ਅੱਖ ਚ ਅੱਖ ਪਾ ਕੇ ਮੈਂ ਕਿਹਾ, ਹੇ ਤਿਤਲੀ!
ਤੇਰੇ ਬਿਨ ਹੁਣ ਜਾਂਦਾ ਨਾ ਰਿਹਾ ਹੇ ਤਿਤਲੀ!
ਸਮਝ ਨਹੀਂ ਪਿਆ ਕੀ ਸੀ ਕਿਹਾ ਸੋਨ-ਪਰੀ,
ਮੈਂ ਤਾਂ ਕਿਹਾ ਸੀ ਮੁੜ ਕੇ ਤੂੰ ਆ, ਹੇ ਤਿਤਲੀ!

Butterfly-13

ਤਿਤਲੀ ਨੂੰ ਸੁਆਲ

ਮੁਰਝਾਏ ਫੁੱਲਾਂ ਤੇ ਮੰਡਰਾਉਂਦੀ ਫਿਰਦੀ ਹੈਂ ਕਿਉਂ ਤਿਤਲੀ?
ਝੁਲਸੇ ਚੇਤਿਆਂ ਵਿੱਚ ਆਉਂਦੀ ਫਿਰਦੀ ਹੈਂ ਕਿਉੁਂ ਤਿਤਲੀ?
ਉਜਾੜਾਂ ਚ ਰਹਿਣ ਦਾ ਆਦੀ ਹੋ ਗਿਆ ਗੁਰਮੇਲ ਜਦ,
ਫਿਰ ਸਬਜ਼-ਬਾਗ਼ ਦਿਖਾਉਂਦੀ ਫਿਰਦੀ ਹੈਂ ਕਿਉਂ ਤਿਤਲੀ?

Butterfly-12

ਬੇਚਾਰੀ ਤਿਤਲੀ

ਸਜ਼ਿਆ-ਫਬਿਆ ਬਾਜ਼ਾਰ, ਤੇ ਬੇਚਾਰੀ ਤਿਤਲੀ।
ਫਕੀਰ ਦੀ ਸੁੰਨੀ ਮਜ਼ਾਰ, ਤੇ ਬੇਚਾਰੀ ਤਿਤਲੀ।
ਮੱਸਿਆ, ਰਾਤ,ਅੰਧਕਾਰ, ਤੇ ਬੇਚਾਰੀ ਤਿਤਲੀ,
ਮੌਸਮ ਨਿਰਾ ਬਦਕਾਰ, ਤੇ ਬੇਚਾਰੀ ਤਿਤਲੀ॥

Butterfly-11

ਤਿਤਲੀ ਦਾ ਨਗ਼ਮਾ

ਮਨ ਭਰ ਆਇਆ,ਜਦ ਤਿਤਲੀ ਨੇ ਛੇੜਿਆ ਨਗ਼ਮਾ।
ਭੌਰਾ ਘਬਰਾਇਆ,ਜਦ ਤਿਤਲੀ ਨੇ ਛੇੜਿਆ ਨਗ਼ਮਾ।
ਗ਼ੁਲ਼ਾਂ ਗੁਲਜ਼ਾਰ ਉਹ ਲਾਈ ਜੋ ਪਹਿਲਾਂ ਨਾ ਲਾਈ ਸੀ,
ਕਵੀ ਮੁਸਕਾਇਆ,ਜਦ ਤਿਤਲੀ ਨੇ ਛੇੜਿਆ ਨਗ਼ਮਾ॥

Butterfly-10

ਮੰਦਵਾੜਾ ਅਤੇ ਤਿਤਲੀ

ਬਾਜ਼ਾਰ ਵਿੱਚ ਜਾਂਦੀ ਸੌਦਾਗਰਾਂ ਨੇ ਘੇਰ ਲਈ ਤਿਤਲੀ।
ਮੰਦੇ ਦੇ ਦਿਨਾਂ ਵਿੱਚ ਹੈ ਤਾਜਰਾਂ ਨੇ ਘੇਰ ਲਈ ਤਿਤਲੀ।
ਸਹਿਮ ਦੀ ਮਾਰੀ ਤਿਤਲੀ ਨੇ ਕੁਰਲਾਟ ਜਦ ਪਾਇਆ,
ਤਾਕ ਚ ਬੈਠੇ ਗ਼ਮਾਂ ਦੇ ਸਾਗਰਾਂ ਨੇ ਘੇਰ ਲਈ ਤਿਤਲੀ ॥

Butterflt-9

ਤਿਤਲੀ ਸੂਲੀ 'ਤੇ

ਕੰਵਲ ਦੇ ਫੁੱਲ ਨੇ ਭਰਮਾਈ ਤਿਤਲੀ।
ਉਸ ਨੇ ਫਿਰ ਕੋਠੇ ਤੇ ਬੈਠਾਈ ਤਿਤਲੀ।
ਮੈਂ ਗਵਾਹ ਹਾਂ, ਮੈਂ ਇਹ ਅੱਖੀਂ ਦੇਖਿਆ,
ਭਗਵੇਂ ਚੋਲੇ ਜਿਨ੍ਹਾਂ ਸੂਲੀ ਚੜ੍ਹਾਈ ਤਿਤਲੀ॥

Butterfly-9

ਗੁਆਚੀ ਤਿਤਲੀ

ਚਾਰ ਦਿਨਾਂ ਦੀ ਪ੍ਰਾਹੁਣੀ ਬਣ ਕੇ ਆਈ ਤਿਤਲੀ।
ਫੇਰ ਪਤਾ ਨਹੀਂ ਕਿੱਧਰ ਉਡਾਰੀ ਲਾਈ ਤਿਤਲੀ।
ਤਿਤਲੀ ਦਾ ਖੁਰਾ ਲਭਦਿਆਂ ਉਮਰਾ ਬੀਤ ਗਈ,
ਜਵਾਨੀ ਚ ਮਿਲੀ ਸੀ ਜੋ, ਨਾ ਥਿਆਈ ਤਿਤਲੀ॥

Butterfly-8

ਤਿਤਲੀ ਦੀ ਹਯਾਤੀ

ਹਨੇਰੇ ਕੈਨਵਸਾਂ ਉਤੇ ਤੁਸੀਂ ਉਤਾਰ ਲਈ ਤਿਤਲੀ।
ਰੰਗੀਲੇ ਵੈਲਵਟਾਂ ਉਤੇ ਤੁਸੀਂ ਉਤਾਰ ਲਈ ਤਿਤਲੀ।
ਬਾਰਾਂ ਦਿਨਾਂ ਪਿੱਛੋਂ ਜਦੋਂ ਕੀਤੀ ਉਸ ਹਯਾਤੀ ਪੂਰੀ,
ਧੁੰਦਲੇ ਚੇਤਿਆਂ ਉਤੇ ਤੁਸੀਂ ਉਤਾਰ ਲਈ ਤਿਤਲੀ॥

Butterfly-7

ਮੇਖਾਂ ਨਾਲ ਗੱਡੀ ਤਿਤਲੀ
ਬੋਤਲ ਵਿਚ ਪਾ ਕੇ ਦੁਸ਼ਮਣਾਂ ਟਿਕਾਈ ਤਿਤਲੀ|
ਕੁਛ ਬੇਵਕੂਫਾਂ ਨੇ ਬਣਾਈ ਨੈਕ-ਟਾਈ ਤਿਤਲੀ|
ਔਰ ਵੀ ਜ਼ਾਲਿਮ ਐਸੈ ਦੇਖੇ ਗੁਰਮੇਲ ਸਿੰਘਾ,
ਠੋਕ ਕੇ ਮੇਖਾਂ ਦੀਵਾਰ 'ਤੇ ਚਿਪਕਾਈ ਤਿਤਲੀ॥

Butterfly-6

ਕਿਤਾਬ 'ਚ ਤਿਤਲੀ

ਕਦੇ ਸੁਆਲ ਤੇ ਕਦੇ ਜਵਾਬ ਚੋਂ ਨਿੱਕਲੀ ਤਿਤਲੀ।
ਕਦੇ ਕਵਿਤਾ, ਕਦੇ ਹਿਸਾਬ ਚੋਂ ਨਿੱਕਲੀ ਤਿਤਲੀ।
ਵਕਤ ਐਸੇ ਵੀ ਤ੍ਰਿਸ਼ੂਲੀਆਂ ਦਿਖਾਏ ਗੁਰਮੇਲ ਸਿੰਘਾ,
ਹਰ ਸਫਾ ਦੇਖਿਆ, ਕਿਤਾਬ ਚੋਂ ਨਿੱਕਲੀ ਤਿਤਲੀ।

Butterfly-5

ਅਲਪ ਜੂਨੀ

ਅੰਡਾ, ਲਾਰਵਾ, ਪਿਯੂਪਾ, ਕਾਇਆ-ਕਲਪ ਤੇ ਤਿਤਲੀ।
ਏਨੇ ਪੜਾਵਾਂ ਤੋਂ ਬਾਅਦ ਮਿਲੀ ਜੂਨੀ ਅਲਪ ਤੇ ਤਿਤਲੀ।
ਸਤਾਰਾਂ ਸਾਲ ਪਿੱਛੋਂ ਸਿਸਾਡਸ ਕਾਇਆ ਕਲਪ ਪੁੱਜਿਆ,
ਹਫਤੇ ਦੀ ਹਯਾਤੀ ਦੇਖ ਉਸ ਦੀ ਗਈ ਕਲਪ ਤਿਤਲੀ॥

Butterfly-4

ਵਕਤ-ਵਕਤ ਦੀ ਤਿਤਲੀ

ਵਕਤ ਸੀ ਜਦ ਮ੍ਹਾਤੜ ਨੇ ਕਿਹਾ ਮੈਂ ਹਾਂ ਤਿਤਲੀ।
ਵਕਤ-ਵਕਤ ਤੇ ਧੱਕੜ ਨੇ ਕਿਹਾ ਮੈਂ ਹਾਂ ਤਿਤਲੀ।
ਦਰੋਪਦੀ ਦਾ ਚੀਰ-ਹਰਨ ਪਿਆ ਸੀ ਜਦ ਚਲਦਾ,
ਕੌਰਵ-ਸਭਾ ਚ ਭਮੱਕੜ ਨੇ ਕਿਹਾ ਮੈਂ ਹਾਂ ਤਿਤਲੀ॥

Butterfly-3

ਹਾਲ-ਏ-ਦਿਲ
ਆ ਦੁਨੀਆ ਨੂੰ ਹਾਲ਼-ਏ-ਦਿਲ ਸੁਣਾਈਏ,ਤਿਤਲ਼ੀ।
ਜ਼ਖ਼ਮਾਂ ਦੀ ਲੰਮੀ ਇਹ ਕਤਾਰ ਦਿਖਾਈਏ,ਤਿਤਲ਼ੀ।
ਤੂੰ ਤੇ ਮੈਂ ਨਰਕ ਚ ਇਕੱਠੇ ਰਹਿਣ ਦੇ ਆਦੀ ਹਾਂ,
ਆ ਮਿਲ ਨਰਕ ਦੀ ਤਸਵੀਰ ਬਣਾਈਏ,ਤਿਤਲ਼ੀ॥

Butterfly-2

ਬਰੇਲ ਤਿਤਲੀ
ਫਕੀਰਾਂ ਨੇ ਪੜ੍ਹੀ ਜੋ ਤਿਤਲੀ ਨੇ ਲਿਖੀ ਕਵਿਤਾ।
ਜ਼ੰਜ਼ੀਰਾਂ 'ਚ ਜਕੜੀ ਜੋ ਤਿਤਲੀ ਨੇ ਲਿਖੀ ਕਵਿਤਾ।
ਕਿਆ ਤਾਨ, ਕਿਆ ਤਰਜ਼-ਬਹਿਰ ਤੇ ਕਾਫੀਆ,
ਅੰਨ੍ਹਿਆਂ ਨੇ ਪੜ੍ਹੀ ਜੋ ਤਿਤਲੀ ਨੇ ਲਿਖੀ ਕਵਿਤਾ॥

Butterfly

ਕਦੇ ਸੁਆਲ ਤੇ ਕਦੇ ਜਵਾਬ 'ਚੋਂ ਨਿਕਲੀ ਤਿਤਲੀ।
ਕਦੇ ਕਵਿਤਾ, ਕਦੇ ਹਿਸਾਬ 'ਚੋਂ ਨਿਕਲੀ ਤਿਤਲੀ।
ਵਕਤ ਐਸੇ ਵੀ ਤ੍ਰਿਸ਼ੂਲੀਆਂ ਦਿਖਾਏ ਗੁਰਮੇਲ ਸਿੰਘਾ,
ਹਰ ਸਫਾ ਦੇਖਿਆ, ਕਿਤਾਬ 'ਚੋਂ ਨਿਕਲੀ ਤਿਤਲੀ॥