Thursday, May 27, 2010

ਇੱਕ ਹੋਰ ਲਹੂ-ਲੁਹਾਨ ਕਵਿਤਾ

ਇੱਕ ਹੋਰ ਲਹੂ-ਲੁਹਾਨ ਕਵਿਤਾ


ਤੂੰ ਜਾਂ ਮੈਂ
ਦੇਖਾਂਗੇ ਜਦ ਕਦੇ
ਅਖ਼ਬਾਰ ਵਿਚ
ਭੋਗ ਦੇ ਇਸ਼ਤਿਹਾਰ ਵਿਚ
ਤੇਰੀ ਜਾਂ ਮੇਰੀ ਤਸਵੀਰ
ਮੂਰਤ ਇੱਕ
ਤੇ ਚਾਰੇ ਪਾਸੇ ਕਾਲੀ ਮੋਟੀ ਲਕੀਰ।
ਖਿੱਚੀਆਂ-ਅਣਖਿੱਚੀਆਂ
ਡਿੱਠੀਆਂ-ਅਣਡਿੱਠੀਆਂ
ਸਹਿੰਸਰਾਂ ਤਸਵੀਰਾਂ ਦੀ ਯਾਦ ਆਵੇਗੀ॥
ਤੇ ਯਾਦ ਆਵੇਗੀ
ਅਨੇਕਾਂ ਸੁਫਨਿਆਂ ਦੀ
ਵਾਅਦਿਆਂ ਦੀ
ਤੇ ਹੋ ਇਹ ਵੀ ਸਕਦਾ ਹੈ ਕਿ
ਯਾਦਾਂ ਦੇ ਕੈਮਰੇ ਦਾ ਵਿਊਫਾਂਈਡਰ ਧੁੰਦਲਾ ਪੈ ਜਾਵੇ।
ਜਾਂ ਅਨੇਕਾਂ ਹੀ
ਪਟ-ਕਥਾ, ਸੰਵਾਦ ਤੇ ਚਲ-ਚਿੱਤਰ
ਕਦੇ ਜੋ ਜਾਨ ਵਾਰਣ ਦੀ ਗੱਲ ਕਰਦੇ ਸਨ
ਉਹ ਸਾਰੇ ਦੇ ਸਾਰੇ ਹੀ ਮਿੱਤਰ
ਫਰੇਮ-ਦਰ-ਫਰੇਮ
ਅੱਖਾਂ ਦੇ ਅੱਗਿਉਂ ਲੰਘਣ
ਅਖ਼ਬਾਰ ਦਾ ਇੱਕੋ ਸਫਾ
ਪਰਤਣ ਦੀ ਹਿੰਮਤ ਨਾ ਪਵੇ
ਤੇਰੀ ਜਾਂ ਮੇਰੀ॥
ਤੂੰ ਜਾਂ ਮੈਂ ਦੇਖਾਂਗੇ ਜਦ ਕਦੇ...
ਯਾਦਾਂ ਸ਼ਬਦ ਵਿਚਲੀਆਂ ਦੋ ਲਾਂਵਾਂ
ਤੇ ਦੋ ਅੱਖਰ
ਬਣ ਜਾਣਗੇ
ਭਰਿੰਡਾਂ ਦਾ ਇੱਕ ਖੱਖਰ।
ਵੋਹ ਜੋ ਤੁਝ ਮੇਂ ਮੁਝ ਮੇ ਕਰਾਰ ਥਾ
ਤੁਝੇ ਯਾਦ ਹੋ ਜਾ ਨਾ ਯਾਦ ਹੋ
ਗਵਾਂਢੀਆਂ ਦੇ ਘਰ
ਸਟੀਰੀਓ ਭਿਨਭਿਨਾਏਗਾ।
ਮਾਰਚ, ਮਈ, ਸਤੰਬਰ, ਅਕਤੂਬਰ
ਦੀਆਂ ਸੱਤ ਤਰੀਕਾਂ ਦਾ ਚੇਤਾ ਆਏਗਾ॥
ਤੂੰ ਜਾਂ ਮੈਂ ਜਦ ਕਦੇ....

No comments:

Post a Comment