Thursday, May 27, 2010

ਇੱਕ ਹੋਰ ਲਹੂ-ਲੁਹਾਨ ਕਵਿਤਾ

ਇੱਕ ਹੋਰ ਲਹੂ-ਲੁਹਾਨ ਕਵਿਤਾ


ਤੂੰ ਜਾਂ ਮੈਂ
ਦੇਖਾਂਗੇ ਜਦ ਕਦੇ
ਅਖ਼ਬਾਰ ਵਿਚ
ਭੋਗ ਦੇ ਇਸ਼ਤਿਹਾਰ ਵਿਚ
ਤੇਰੀ ਜਾਂ ਮੇਰੀ ਤਸਵੀਰ
ਮੂਰਤ ਇੱਕ
ਤੇ ਚਾਰੇ ਪਾਸੇ ਕਾਲੀ ਮੋਟੀ ਲਕੀਰ।
ਖਿੱਚੀਆਂ-ਅਣਖਿੱਚੀਆਂ
ਡਿੱਠੀਆਂ-ਅਣਡਿੱਠੀਆਂ
ਸਹਿੰਸਰਾਂ ਤਸਵੀਰਾਂ ਦੀ ਯਾਦ ਆਵੇਗੀ॥
ਤੇ ਯਾਦ ਆਵੇਗੀ
ਅਨੇਕਾਂ ਸੁਫਨਿਆਂ ਦੀ
ਵਾਅਦਿਆਂ ਦੀ
ਤੇ ਹੋ ਇਹ ਵੀ ਸਕਦਾ ਹੈ ਕਿ
ਯਾਦਾਂ ਦੇ ਕੈਮਰੇ ਦਾ ਵਿਊਫਾਂਈਡਰ ਧੁੰਦਲਾ ਪੈ ਜਾਵੇ।
ਜਾਂ ਅਨੇਕਾਂ ਹੀ
ਪਟ-ਕਥਾ, ਸੰਵਾਦ ਤੇ ਚਲ-ਚਿੱਤਰ
ਕਦੇ ਜੋ ਜਾਨ ਵਾਰਣ ਦੀ ਗੱਲ ਕਰਦੇ ਸਨ
ਉਹ ਸਾਰੇ ਦੇ ਸਾਰੇ ਹੀ ਮਿੱਤਰ
ਫਰੇਮ-ਦਰ-ਫਰੇਮ
ਅੱਖਾਂ ਦੇ ਅੱਗਿਉਂ ਲੰਘਣ
ਅਖ਼ਬਾਰ ਦਾ ਇੱਕੋ ਸਫਾ
ਪਰਤਣ ਦੀ ਹਿੰਮਤ ਨਾ ਪਵੇ
ਤੇਰੀ ਜਾਂ ਮੇਰੀ॥
ਤੂੰ ਜਾਂ ਮੈਂ ਦੇਖਾਂਗੇ ਜਦ ਕਦੇ...
ਯਾਦਾਂ ਸ਼ਬਦ ਵਿਚਲੀਆਂ ਦੋ ਲਾਂਵਾਂ
ਤੇ ਦੋ ਅੱਖਰ
ਬਣ ਜਾਣਗੇ
ਭਰਿੰਡਾਂ ਦਾ ਇੱਕ ਖੱਖਰ।
ਵੋਹ ਜੋ ਤੁਝ ਮੇਂ ਮੁਝ ਮੇ ਕਰਾਰ ਥਾ
ਤੁਝੇ ਯਾਦ ਹੋ ਜਾ ਨਾ ਯਾਦ ਹੋ
ਗਵਾਂਢੀਆਂ ਦੇ ਘਰ
ਸਟੀਰੀਓ ਭਿਨਭਿਨਾਏਗਾ।
ਮਾਰਚ, ਮਈ, ਸਤੰਬਰ, ਅਕਤੂਬਰ
ਦੀਆਂ ਸੱਤ ਤਰੀਕਾਂ ਦਾ ਚੇਤਾ ਆਏਗਾ॥
ਤੂੰ ਜਾਂ ਮੈਂ ਜਦ ਕਦੇ....

ਇੱਕ ਲਹੂ-ਲੁਹਾਨ ਕਵਿਤਾ

ਇੱਕ ਲਹੂ-ਲੁਹਾਨ ਕਵਿਤਾ

ਧਰਤੀ ਦੀ ਰਫਤਾਰ
ਦਾ ਮੈਂ ਹਾਂ ਇੱਕ ਸ਼ਿਕਾਰ।
ਬਲਦ ਨੂੰ ਆਖੋ
ਸਿੰਗ ਫਸਾ ਲਏ
ਅੱਧ ਵਿਚਾਲੇ ਜਾਂ ਮੱਧ ਵਿਚਕਾਰ॥
ਮੈਂ ਦਮ ਲੈ ਲਾਂ
ਜਾਂ ਦਿਲ਼ ਦੀ ਕਹਿ ਲਾਂ
ਕਿ ਪਹਿਲੀ ਸਹਿ ਲਾਂ
ਅਗਲੀ ਨਾ ਸੱਟ ਮਾਰ॥ ਬਲਦ ਨੂੰ ਆਖੋ
ਧਰਤੀ ਦੀ ਰਫਤਾਰ
ਹੈ ਜ਼ਿੰਮੇਵਾਰ
ਕਿ ਇੱਕ-ਇਕ ਤਾਰ
ਜੋ ਹੋ ਗਈ ਚਿੱਟੀ।
ਮੈਂ ਸਿਰ ਦੇ ਭਾਰ
ਮੇਰੀ ਦਸਤਾਰ
ਮਿੱਟੀ ਵਿੱਚ ਰੁਲਗੀ
ਪੋਟਲੀ ਖਿੰਡਗੀ
ਜੋ ਵਕਤ ਨੇ ਸਿੱਟੀ॥
(25 ਜਨਵਰੀ, 2001)

Friday, May 21, 2010

Glory of Rajasthan Series: ॥ਕਰੀਰ॥

                                ॥ਕਰੀਰ॥
(ਕਰੀਰ ਦਾ ਵੇਲਣਾ, ਮੈਂ ਵੇਲ ਵੇਲ ਥੱਕੀ ... ਤੋਂ ਅੱਗੇ)
(ਪਤ੍ਰੰ ਨੈਵ ਯਦਾ ਕਰੀਰ ਵਿਟਪੇ ਦੋਸ਼ੋ ਵਸੰਤਸਯ ਕਿੰ-ਭਰਤਰੀਹਰੀ, ਨੀਤੀਸ਼ਤਕ, 93॥ ਤੋਂ ਪਹਿਲਾਂ)

ਬਣਾਇਆ ਵੇਲਣਾ ਮੈਨੂੰ
ਕਿ ਡੇਲੇ ਡੇਲਣਾ ਮੈਨੂੰ।
ਉਦੋਂ ਦਾ ਭੁੱਲਿਆ ਯਾਰੋ
ਕਿ ਖੇਡਾਂ ਖੇਲਣਾ ਮੈਨੂੰ॥
ਮੇਰੇ ਕੁੱਝ ਸੱਕ ਸਾਥੀ ਸਨ
ਮੇਰੇ ਕੁੱਝ ਅੱਕ ਸਾਥੀ ਸਨ
ਸੀ ਬੂਟਾ ਹਰਮਲ ਦਾ
ਨਿਸ਼ਾਨ ਤਹੱਮਲ ਦਾ।
ਬਣਿਆ ਕੀ ਮੇਰੇ ਦਿਲ ਦਾ?
ਮੇਰੇ ਕੰਡੇ, ਮੇਰੇ ਪਿੰਡੇ
ਕਿਸੇ ਨੇ ਸੇਵੀਆਂ ਪਾਈਆਂ
ਉਹ ਰੁੱਤਾਂ ਕਿੱਧਰ ਨੂੰ ਗਈਆਂ
ਉਹ ਪੌਣਾਂ ਕਿੱਧਰ ਨੂੰ ਧਾਈਆਂ?
ਕਿ ਰੌਣਾਂ ਤੀਆਂ ਹਨ ਲਾਈਆਂ
ਕਿੱਥੇ ਨੇ ਮਿਰਜ਼ੇ ਦੀਆਂ ਭਰਜਾਈਆਂ?
ਹਾਏ ਰੋਹੀ ਹੀ ਰੋਹੀ ਹੈ
ਕਿਸ ਨੇ ਰੂਹ ਕੋਹੀ ਹੈ?
ਅਕਲਾਂ ਦੀ ਮੰਡੀ ਵਿੱਚ,

ਮੇਰੀ ਸ਼ਕਲ ਕਿਉਂ ਜੋਹੀ ਹੈ?

Saturday, May 8, 2010

Slitude Series: 64 ਇਕਲਾਪੇ ਦੀ ਘੋੜੀ

ਦਿਲ

ਇਕਲਾਪੇ ਦੀ ਘੋੜੀ ਤੇ ਸਰਬਾਲ੍ਹਾ ਮੇਰਾ ਦਿਲ।
ਢੇਰੀ ਦਰਦਾਂ-ਜ਼ਖਮਾਂ ਦੀ, ਰਖਵਾਲਾ ਮੇਰਾ ਦਿਲ॥
ਜਾਣਦਿਆਂ ਕਿ ਅੱਧੀ ਤੋਂ ਵੀਵੱਧ ਦੁਨੀਆ ਔਖੀ ਹੈ।

ਕਰ ਨਾ ਸਕਿਆ ਪਰ ਕੋਈ ਉਪਰਾਲਾ ਮੇਰਾ ਦਿਲ||




Tuesday, May 4, 2010

Glory of Rajasthan Series : 10 ॥ਮੋੜ੍ਹੀਆਂ॥

॥ਮੋੜ੍ਹੀਆਂ॥

ਮੁਲ਼ਕ ਮੇਰੇ ਦੀਆ ਮੋੜ੍ਹੀਆਂ
ਕਦੇ ਨਾ ਪਈਆਂ ਥੋੜੀਆਂ
ਰਾਖੀ ਕਰਦੀਆਂ ਹੱਦ ਦੀ।
ਤਿੰਨ ਰੰਗੀ ਸਰਹੱਦ ਦੀ॥
ਜੌਂ, ਜਵਾਰ ਤੇ ਬਾਜਰਾ
ਖਾਈਏ, ਭਰੀਏ ਹਾਜ਼ਰਾ।
ਜਦ ਦਾ ਸਤਲੁਜ ਭਾਲਿਆ,
ਲੋਕੀਂ ਕਹਿੰਦੇ ਨੇ 'ਸਰਾ'॥
ਗੱਡੀਆਂ ਬਹੁਤ ਬਥੇਰੀਆਂ
ਤੇਰਾਂ-ਤੇਰਾਂ-ਤੇਰਾਂ

ਤੇਰੀ ਆਂ-ਤੇਰੀ ਆਂ-ਤੇਰੀ ਆਂ।

ਤੇਰੇ ਮੋਹ ਨੇ ਤੇਗ਼ਿਆ, ਮੱਤਾਂ ਵੀ ਨੇ ਫੇਰੀਆਂ॥


ਤੇ ਚਾਰ ਚੁਫੇਰੇ ਤੇਰੀਆਂ
ਭਰੇ ਮੁਲਕ ਵਿੱਚ ਬਾਤਾਂ
ਤੇਰੀਆਂ ਹੀ ਤੇਰੀਆਂ।
ਕਦੇ ਨਾ ਆਈਆਂ ਕਰਨੀਆਂ
ਠੱਗੀਆਂ ਤੇ ਹੇਰਾ-ਫੇਰੀਆਂ॥

ਵਾੜ ਖੇਤ ਨੂੰ ਖਾਂਦੀ ਜਾਏ,
ਸਾਨੂੰ ਨਾ ਕੋਈ ਇਹ ਸਮਝਾਏ।
ਗੁਰੂ ਮੇਰੇ ਲੜ ਫੜਿਆ ਅਸਾਂ
ਸਿਰ ਦੀਜੈ ਕਾਨ ਨਾ ਕੀਜੈ
ਸਿਦਕ ਮੂਲ ਨਾ ਜਾਏ॥

ਇੱਕ ਮੋਹੜੀ ਮਿੱਤਰਾਂ ਦੀ,
ਗੱਲ ਜਾਏ ਕਦੇ ਵੀ ਨਾ
ਸਾਥੋਂ ਮੋੜੀ ਮਿੱਤਰਾਂ ਦੀ।
ਸਿਦਕ ਮੂਲ ਨਾ ਜਾਏ॥
ਕੋਈ ਦਾਲ ਲਿਆਏ ਨਾ
ਪੈਂਦੀ ਵੰਡੀ ਜਦ ਛਿੱਤਰਾਂ ਦੀ॥

Glory of Rajasthan Series: 9 ॥ਮਲ੍ਹੇ॥

॥ਮਲ੍ਹੇ॥

ਮਲ੍ਹੇ ਹਨ ਜਾ ਕੋਈ,
ਰੁਮਾਲੇ ਮਖ਼ਮਲੀ।
ਹੋ ਬੇਰ ਵੀ ਲੱਗੇ ਨੇ,
ਗ਼ੁਲਾਬ ਹਨ ਜਾਂ ਤਿਲ਼
ਮਾਸ਼ੂਕਾ ਦੀ ਗੱਲ੍ਹ ਵਲ਼ੀ?

ਮਲ੍ਹਿਆਂ ਦੀ ਧਰਤੀ ਤੋਂ,
ਬਲਿਹਾਰ ਕਵੀ ਇਸ ਤੋਂ
ਮਾਵਾਂ ਜਾਂ ਛਾਵਾਂ ਜਾਂ ਇਹ ਹਨ ਗੋਦੀ।
ਕੀ ਕਰਦੇ ਪਏ ਇੱਥੇ,
ਚਾਂਦੀ ਦਾ ਅੰਗੂਠਾ ਤੇ, ਸੋਨੇ ਦੀ ਤਲ਼ੀ?

ਇਹ ਝਾਫਾ ਨਹੀਂ,
ਜੱਫਾ ਹੈ ਯਾਰਾਂ ਦਾ।
ਸਾਹਿਤ ਦੇ ਖਾੜੇ ਵਿਚ,
ਕੀ ਕੰਮ ਦਰਜੀਆਂ ਦਾ,
ਕੀ ਕੰਮ ਕਰਿਆੜਾਂ ਦਾ॥

ਟਿੱਟਣਾਂ ਦੀ ਕੀ ਮਰਜ਼ੀ,
ਬੋਤੇ ਨੇ ਖਾਣਾ ਹੈ,
ਇੱਥੇ ਹਿੜ੍ਹਕਾਂ ਵੀ ਮਿੱਠੀਆਂ,
ਨਹੀਂ ਕੰਮ ਰਿਹਾੜਾਂ ਦਾ।
ਇਹ ਮਹਿਫਲ ਮਿੱਤਰਾਂ ਦੀ,
ਦੇਖੀ ਤੂੰ ਜਾਈਂ,
ਵੰਡੀ ਪਊ ਜੋ ਛਿੱਤਰਾਂ ਦੀ॥



Monday, April 26, 2010

Glory of Rajasthan Series:8 ॥ਚਿਲਮਾਂ॥

॥ਚਿਲਮਾਂ॥

ਚਿਲਮਾਂ ਤੋਂ ਕੀ ਚਿਲਮਨ
ਸਮਾਧੀ ਸਾਧਾਂ ਦੀ
ਤਨ ਮਨ ਜਾਂ ਧਨ ਹਨ।
ਬੋਧੀ ਕੀ ਜਾਣਨ
ਕਿ ਭੇਖੀ ਕਿੰਜ ਮਾਣਨ
ਰੁਦਨ ਹੀ ਹੁਦਨ ਹੈ, ਰੁਦਨ ਹੀ ਰੁਦਨ॥

ਧੁਆਂਖਾ, ਧੂਆਂ, ਧੂਆਂ,, ਧੂਆਂ
ਹੇਠਾਂ ਮੈਂ ਆਂ, ਮੈਂ ਆਂ, ਮੈਂ ਆਂ,
ਕਿ ਉੱਤੇ ਤੂੰ ਆਂ, ਤੂੰ ਆਂ, ਤੂੰ ਆਂ।
ਕਿ ਮਾਟੀ ਭੁੱਜੀ ਹਾਂ,
ਵਕਤਾਂ ਸੰਗ ਰੁੱਝੀ ਹਾਂ
ਤੇਰੇ ਵੱਲ ਮੂੰਹ ਆਂ, ਮੂੰਹ ਆਂ, ਮੂੰਹ ਆਂ॥

ਬੁਝਾਰਤ ਅਮਲੀ ਦੀ,
ਕਿ ਹਾਸਿਲ ਕਮਲੀ ਦੀ,
ਮਿੱਟੀ ਮੈਂ ਗਿੱਠ ਭਰ ਦੀ।
ਦੋਸਤ ਵਰਾਵਾਂ ਕਿ ਪੀਰ ਮਨਾਵਾਂ
ਵੈਰੀ ਥੀਂ ਠਿੱਠ ਕਰਦੀ।।